ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਬੰਦੀਛੋੜ ਦਿਵਸ ਜਗਾਏ ਜਾਣਗੇ ਦੇਸੀ ਘਿਓ ਦੇ ਦੀਵੇ
ਗੋਲਡਨ ਟੈਂਪਲ ਵਿੱਚ 1 ਲੱਖ ਦੀਵੇ ਤੇ ਆਤਿਸ਼ਬਾਜ਼ੀ

ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਇਆ ਜਾਵੇਗਾ ਬੰਦੀਛੋੜ ਦਿਵਸ ਜਗਾਏ ਜਾਣਗੇ ਦੇਸੀ ਘਿਓ ਦੇ ਦੀਵੇ

ਅੰਮ੍ਰਿਤਸਰ- ਅੰਮ੍ਰਿਤਸਰ ਅੱਜ ਦੋ ਪਵਿੱਤਰ ਤਿਉਹਾਰਾਂ ਦੀ ਰੌਣਕ ਨਾਲ ਚਮਕ ਰਿਹਾ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਦੀਆਂ ਧਾਰਮਿਕ ਰਸਮਾਂ ਹੋਣਗੀਆਂ, ਜਦਕਿ ਸ੍ਰੀ ਦੁਰਗਿਆਣਾ ਮੰਦਰ ਵਿੱਚ ਦੀਵਾਲੀ ਦਾ ਤਿਉਹਾਰ ਪੂਰੇ ਸ਼ਾਨ-ਸ਼ੌਕਤ ਨਾਲ ਮਨਾਇਆ ਜਾਵੇਗਾ। ਸ਼ਹਿਰ ਦੇ ਦੋਵੇਂ ਪਵਿੱਤਰ ਧਾਮ ਇਸ ਸਮੇਂ ਲੇਜ਼ਰ ਲਾਈਟਾਂ, ਦੀਵਿਆਂ ਤੇ ਰੰਗ-ਬਿਰੰਗੀ ਰੌਸ਼ਨੀ ਨਾਲ ਜਗਮਗਾ ਰਹੇ ਹਨ।
ਗੋਲਡਨ ਟੈਂਪਲ ਵਿੱਚ 1 ਲੱਖ ਦੀਵੇ ਤੇ ਆਤਿਸ਼ਬਾਜ਼ੀ
ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਸ਼ਾਮ ਲਗਭਗ 1 ਲੱਖ ਘਿਓ ਦੇ ਦੀਵੇ ਜਗਾਏ ਜਾਣਗੇ। ਇਸ ਦੇ ਨਾਲ ਹੀ ਰੰਗ-ਬਿਰੰਗੀ ਆਤਿਸ਼ਬਾਜ਼ੀ ਵੀ ਚਲਾਈਆਂ ਜਾਣਗੀਆਂ। ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਗੁਰਬਾਣੀ ਦੀ ਧੁਨ, ਦੀਪਮਾਲਾ ਅਤੇ ਸੇਵਾ ਦਾ ਪਵਿੱਤਰ ਮਾਹੌਲ ਵਿਸ਼ਵ ਭਰ ਦੀ ਸਿੱਖ ਸੰਗਤ ਨੂੰ ਆਪਣੇ ਨਾਲ ਜੋੜੇਗਾ। ਸ੍ਰੀ ਅਕਾਲ ਤਖਤ ਸਾਹਿਬ ਵੀ ਰੌਸ਼ਨੀ ਨਾਲ ਜਗਮਗਾਉਂਦਾ ਨਜ਼ਰ ਆ ਰਿਹਾ ਹੈ। ਸ਼ਰਧਾਲੂ ਸਵੇਰੇ ਤੋਂ ਹੀ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਰ ਹੋ ਰਹੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਬੰਦੀ ਛੋੜ ਦਿਵਸ ਸਿਰਫ਼ ਦੀਵੇ ਜਗਾਉਣ ਦਾ ਦਿਨ ਨਹੀਂ, ਸਗੋਂ ਆਜ਼ਾਦੀ ਅਤੇ ਨਿਆਂ ਦਾ ਪ੍ਰਤੀਕ ਹੈ। ਉਨ੍ਹਾਂ ਯਾਦ ਕਰਵਾਇਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਵਿਚ ਕੈਦ 52 ਰਾਜਿਆਂ ਨੂੰ ਮੁਕਤ ਕਰਵਾਇਆ ਸੀ, ਜਿਸ ਤੋਂ ਬਾਅਦ ਅੰਮ੍ਰਿਤਸਰ ਵਾਪਸੀ ਦੇ ਸਮੇਂ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਸੀ। ਇਸੇ ਯਾਦ ਵਿਚ ਇਹ ਦਿਨ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।
ਇਸੇ ਦਿਨ ਦੁਰਗਿਆਣਾ ਮੰਦਰ ਵਿਖੇ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਬਾਅਦ ਅਯੋਧਿਆ ਵਾਪਸੀ ਦੀ ਖੁਸ਼ੀ ਵਿੱਚ ਦੀਵਾਲੀ ਮਨਾਈ ਜਾਂਦੀ ਹੈ। ਮੰਦਰ ਨੂੰ ਰੌਸ਼ਨੀ ਦੇ ਹਜ਼ਾਰਾਂ ਦੀਵੇ ਨਾਲ ਸਜਾਇਆ ਗਿਆ ਹੈ ਅਤੇ ਰਾਤ ਸਮੇਂ ਵਿਸ਼ਾਲ ਆਤਿਸ਼ਬਾਜ਼ੀ ਦਾ ਆਯੋਜਨ ਕੀਤਾ ਜਾਵੇਗਾ। ਪ੍ਰਸ਼ਾਸਨ ਅਨੁਸਾਰ, ਅੱਜ ਲਗਭਗ 3 ਲੱਖ ਸ਼ਰਧਾਲੂਆਂ ਦੇ ਅੰਮ੍ਰਿਤਸਰ ਪਹੁੰਚਣ ਦੀ ਸੰਭਾਵਨਾ ਹੈ। ਅੱਜ ਦਾ ਦਿਨ ਸ਼ਹਿਰ ਲਈ ਧਰਮ, ਸ਼ਾਂਤੀ ਅਤੇ ਰੌਸ਼ਨੀ ਦਾ ਅਨੋਖਾ ਸੰਗਮ ਬਣੇਗਾ।
Discover more from North India Reporter
Subscribe to get the latest posts sent to your email.





