ਗਿਆਨੀ ਰਘਬੀਰ ਸਿੰਘ ਜੀ ਨੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਦੇ ਪਵਿੱਤਰ ਮੌਕੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ

ਗਿਆਨੀ ਰਘਬੀਰ ਸਿੰਘ ਜੀ ਨੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਦੇ ਪਵਿੱਤਰ ਮੌਕੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ

ਅੰਮ੍ਰਿਤਸਰ- (ਨੋਰਥ ਇੰਡੀਆ ਰਿਪੋਰਟਰ )ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਅੱਜ ਦੀਵਾਲੀ ਤੇ ਬੰਦੀ ਛੋੜ ਦਿਹਾੜੇ ਦੇ ਪਵਿੱਤਰ ਮੌਕੇ ਤੇ ਦੇਸ਼-ਵਿਦੇਸ਼ ‘ਚ ਵੱਸਦੇ ਸਾਰੇ ਸਿੱਖ ਸੰਗਤਾਂ ਨੂੰ ਵਧਾਈਆਂ ਦਿੱਤੀਆਂ। ਇਸ ਦੌਰਾਨ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ। ਇਹ ਦਿਹਾੜਾ ਸਿਰਫ਼ ਖੁਸ਼ੀ ਦਾ ਨਹੀਂ, ਸਗੋਂ ਸਤਿਗੁਰੂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬਲਿਦਾਨ ਤੇ ਮਨੁੱਖਤਾ ਲਈ ਕੀਤੇ ਉਪਕਾਰਾਂ ਦੀ ਯਾਦ ਦਿਵਾਉਂਦਾ ਹੈ।
ਗਿਆਨੀ ਰਘਬੀਰ ਸਿੰਘ ਨੇ ਅੱਗੇ ਦੱਸਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਕਿਲ੍ਹੇ ਵਿਚ ਕੈਦ 52 ਰਾਜਿਆਂ ਨੂੰ ਮੁਕਤ ਕਰਵਾ ਕੇ ਸੱਚੇ ਅਰਥਾਂ ‘ਚ “ਬੰਦੀ ਛੋੜ” ਦੀ ਮਿਸਾਲ ਕਾਇਮ ਕੀਤੀ। ਜਿਸ ਤੋਂ ਬਾਅਦ ਅੰਮ੍ਰਿਤਸਰ ਵਾਪਸੀ ਦੇ ਸਮੇਂ ਸੰਗਤਾਂ ਨੇ ਘਿਓ ਦੇ ਦੀਵੇ ਜਗਾ ਕੇ ਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਮਨਾਈ ਅਤੇ ਗੁਰੂ ਜੀ ਦਾ ਸਵਾਗਤ ਕੀਤਾ ਸੀ। ਇਸੇ ਯਾਦ ਵਿਚ ਇਹ ਦਿਨ ਹਰ ਸਾਲ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ।ਇਹੀ ਰਿਵਾਇਤ ਸਦੀਆਂ ਤੋਂ ਅੱਜ ਤੱਕ ਜਾਰੀ ਹੈ, ਜਿਸ ਤਹਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹਰ ਸਾਲ ਲੱਖਾਂ ਦੀ ਗਿਣਤੀ ‘ਚ ਸੰਗਤਾਂ ਹਾਜ਼ਰੀ ਲਗਾਉਂਦੀਆਂ ਹਨ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਗਤਾਂ ਲਈ ਇਹ ਮੌਕਾ ਆਪਣੀ ਆਤਮਕ ਉੱਨਤੀ ਦਾ ਹੈ। ਸਤਿਗੁਰੂਆਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਸਾਨੂੰ ਵੀ ਆਪਣੇ ਜੀਵਨ ‘ਚ ਸੇਵਾ, ਸਮਰਪਣ ਤੇ ਸੱਚਾਈ ਦੇ ਰਾਹ ਤੇ ਤੁਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ਸਾਡੇ ਵਿਕਾਰਾਂ ਦੀਆਂ ਜੰਜੀਰਾਂ ਤੋੜ ਕੇ ਸਤਿਗੁਰੂ ਸਾਨੂੰ ਅਸਲੀ ਬੰਦੀ ਛੁੜਵਾਏ, ਇਹੀ ਸੱਚੀ ਅਰਦਾਸ ਹੋਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਅੱਜ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਰਾਤ ਦੇ ਸਮੇਂ ਵਿਸ਼ਾਲ ਦੀਪ ਮਾਲਾ ਤੇ ਸੁੰਦਰ ਆਤਸ਼ਬਾਜ਼ੀ ਦਾ ਆਯੋਜਨ ਕੀਤਾ ਜਾਵੇਗਾ, ਜਿਸ ਨਾਲ ਪੂਰਾ ਪਰਿਸਰ ਚਮਕ ਉਠੇਗਾ। ਆਖਿਰ ‘ਚ ਗਿਆਨੀ ਜੀ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਦੀਵਾਲੀ ਪ੍ਰਦੂਸ਼ਣ-ਮੁਕਤ ਢੰਗ ਨਾਲ ਮਨਾਈ ਜਾਵੇ ਤਾਂ ਜੋ ਵਾਤਾਵਰਣ ਸਾਫ ਤੇ ਸੁਹਾਵਣਾ ਰਹੇ।
Discover more from North India Reporter
Subscribe to get the latest posts sent to your email.





