ਈਰਾਨ ਵਿੱਚ ਅਣਮਨੁੱਖੀ ਤਸੀਹਿਆਂ ਦਾ ਸਾਹਮਣਾ ਕਰਨ ਉਪਰੰਤ ਵਾਪਸ ਪਰਤੇ ਨੌਜਵਾਨਾਂ ਨੇ ਵਿਧਾਇਕ ਟਾਂਡਾ ਜਸਵੀਰ ਰਾਜਾ ਨਾਲ ਕੀਤੀ ਮੁਲਾਕਾਤ

ਈਰਾਨ ਵਿੱਚ ਅਣਮਨੁੱਖੀ ਤਸੀਹਿਆਂ ਦਾ ਸਾਹਮਣਾ ਕਰਨ ਉਪਰੰਤ ਵਾਪਸ ਪਰਤੇ ਨੌਜਵਾਨਾਂ ਨੇ ਵਿਧਾਇਕ ਟਾਂਡਾ ਜਸਵੀਰ ਰਾਜਾ ਨਾਲ ਕੀਤੀ ਮੁਲਾਕਾਤ

ਟਾਂਡਾ ਉੜਮੁੜ, 8 ਅਗਸਤ ਨੋਰਥ ਇੰਡੀਆ ਰਿਪੋਰਟ ਅਰਜੁਨ ਜੈਨ ਟਾਂਡਾ ਆਪਣੇ ਚੰਗੇ ਭਵਿੱਖ ਲਈ ਈਰਾਨ ਗਏ ਨੌਜਵਾਨ ਅਣਮਨੁੱਖੀ ਤਸੀਹਿਆਂ ਦਾ ਸਾਹਮਣਾ ਕਰਨ ਉਪਰੰਤ ਜਿਲਾ ਹੁਸ਼ਿਆਰਪੁਰ ਦੇ ਵਾਪਸ ਪਰਤੇ 4 ਨੌਜਵਾਨਾਂ ਚੋਂ ਹਲਕਾ ਉੜਮੁੜ ਟਾਂਡਾ ਨਾਲ ਸਬੰਧਤ 3 ਨੌਜਵਾਨਾਂ ਨੇ ਅੱਜ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ ਨਾਲ ਮੁਲਾਕਾਤ ਕੀਤੀ।
ਟਾਂਡਾ ਦੇ ਪਿੰਡ ਕੰਧਾਲਾ ਸ਼ੇਖਾਂ ਨਾਲ ਸੰਬੰਧਿਤ ਸੁਰਜੀਤ ਸਿੰਘ,ਅਵਤਾਰ ਸਿੰਘ ਵਾਸੀ ਪਿੰਡ ਮੱਲੇਵਾਲ ਅਤੇ ਗੁਰਪ੍ਰੀਤ ਸਿੰਘ ਵਾਸੀ ਰੂਪੋਵਾਲ ਰਮਦਾਸਪੁਰ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਕੈਬਨਿਟ ਮੰਤਰੀ ਪੰਜਾਬ ਸੰਜੀਵ ਅਰੋੜਾ ਅਤੇ ਵਿਧਾਇਕ ਜਸਵੀਰ ਸਿੰਘ ਰਾਜਾ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੀ ਉਹ ਵਾਪਸ ਪਰਤੇ ਹਨ ਕਿਉਂਕਿ ਉਨਾਂ ਨੇ ਆਪਣੇ ਨਾਲ ਹੋ ਰਹੇ ਅਣਮਨੁੱਖੀ ਵਰਤਾਰੇ ਦੀਆਂ ਵੀਡੀਓ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਪਾਈਆਂ ਸਨ ਜਿਸ ਉਪਰੰਤ ਪੰਜਾਬ ਸਰਕਾਰ ਨੇ ਹਰਕਤ ਵਿੱਚ ਆਉਂਦਿਆਂ ਉਨਾਂ ਨੂੰ ਵਾਪਸ ਲਿਆਉਣ ਵਿੱਚ ਵਿਸ਼ੇਸ਼ ਯੋਗਦਾਨ ਦਿੱਤਾ।
ਇਸ ਮੌਕੇ ਲੱਖਾਂ ਰੁਪਏ ਖਰਚ ਕੇ ਈਰਾਨ ਦੀ ਧਰਤੀ ਤੇ ਗਏ ਪਿੰਡ ਮੱਲੇਵਾਲ, ਕੰਧਾਲਾ ਸ਼ੇਖਾਂ ਅਤੇ ਰਮਦਾਸਪੁਰ ਦੇ ਨੌਜਵਾਨਾਂ ਨੇ ਵਿਧਾਇਕ ਜਸਵੀਰ ਸਿੰਘ ਰਾਜਾ ਨੂੰ ਆਪਣੀ ਹੱਡ ਬੀਤੀ ਸੁਣਾਉਂਦਿਆਂ ਦੱਸਿਆ ਕਿ ਉਨਾਂ ਨੂੰ ਇੱਕ ਟਰੈਵਲ ਏਜੰਟ ਨੇ ਵੱਧ ਤਨਖਾਹ ਤੇ ਵਧੀਆ ਰਹਿਣ ਸਹਿਣ ਦਾ ਝਾਂਸਾ ਦੇ ਕੇ ਈਰਾਨ ਭੇਜ ਦਿੱਤਾ ਪ੍ਰੰਤੂ ਉਹਨਾਂ ਨਾਲ ਉੱਥੇ ਅਣਮਨੁੱਖੀ ਵਰਤਾਰਾ ਕੀਤਾ ਗਿਆ।
ਪੀੜਿਤ ਨੌਜਵਾਨਾਂ ਨੇ ਦੱਸਿਆ ਕਿ ਉੱਥੇ ਉਹਨਾਂ ਨੂੰ ਨਾ ਹੀ ਵਧੀਆ ਕੰਮ ਮਿਲਿਆ ਅਤੇ ਨਾ ਹੀ ਸਮੇਂ ਤੇ ਤਨਖਾਹ ਮਿਲਦੀ ਸੀ ਇਸ ਤੋਂ ਇਲਾਵਾ ਉਹਨਾਂ ਦੇ ਰਹਿਣ ਅਤੇ ਖਾਣ ਵਾਸਤੇ ਵੀ ਕੋਈ ਵਧੀਆ ਇੰਤਜ਼ਾਮ ਨਹੀਂ ਕੀਤੇ ਸਨ।
ਇਸ ਮੌਕੇ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਉਕਤ ਨੌਜਵਾਨਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਅਸੀਂ ਰਾਤੋ ਰਾਤ ਅਮੀਰ ਹੋਣ ਦੇ ਚੱਕਰ ਵਿੱਚ ਧੋਖੇਬਾਜ਼ ਏਜੰਟਾਂ ਦੇ ਚੱਕਰ ਵਿੱਚ ਆ ਕੇ ਫਸ ਜਾਂਦੇ ਹਾਂ ਜਿਸ ਕਾਰਨ ਸਾਨੂੰ ਖੱਜਰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਕਿਹਾ ਕਿ ਵਿਦੇਸ਼ ਜਾਣ ਵਾਸਤੇ ਸਾਨੂੰ ਕੋਈ ਗਲਤ ਤਰੀਕਾ ਨਹੀਂ ਅਪਣਾਉਣਾ ਚਾਹੀਦਾ ਸਗੋਂ ਕਾਨੂੰਨ ਅਨੁਸਾਰ ਵਿਦੇਸ਼ ਜਾਣਾ ਚਾਹੀਦਾ।
ਇਸ ਮੌਕੇ ਵਿਧਾਇਕ ਰਾਜਾ ਨੇ ਨੌਜਵਾਨ ਨੂੰ ਭਰੋਸਾ ਦਿੱਤਾ ਕਿ ਆਉਣ ਵਾਲੇ ਸਮੇਂ ਵਿੱਚ ਸਰਕਾਰ ਵੱਲੋਂ ਉਹਨਾਂ ਨਾਲ ਹਰ ਤਰੀਕੇ ਦਾ ਸਹਿਯੋਗ ਕੀਤਾ ਜਾਵੇਗਾ।
Discover more from North India Reporter
Subscribe to get the latest posts sent to your email.





